Get Updates

ਸਰਕਾਰ ਦੀ ਹਾਊਸਿੰਗ ਨਿਊਜ਼ੀਲੈਂਡ ਦੇ ਕਿਰਾਏਦਾਰਾਂ ਲਈ 'ਨਿਸ਼ਕਾਸ਼ਨ ਨਹੀਂ' (‘No 5viction’) ਮਤਲਬ ਕਿ 'ਘਰ ਖਾਲੀ ਨਹੀਂ ਕਰਾਉਣਾ' ਵਾਲੀ ਨੀਤੀ ਅਤੇ ਅਪਰਾਧਿਕ ਅਤੇ ਸਮਾਜ ਵਿਰੋਧੀ ਵਿਵਹਾਰ ਲਈ ਵਰਤੇ ਜਾ ਰਹੇ  ਨਰਮ ਰਵੱਈਏ ਨੇ ਅਜਿਹੇ ਘਰਾਂ ਦੇ ਗੁਆਂਢੀਆਂ ਨੂੰ ਖਰੂਦੀ ਕਿਰਾਏਦਾਰਾਂ ਦੇ ਗੁਆਂਢੀ ਬਨਣ ਲਈ ਮਜ਼ਬੂਰ ਕੀਤਾ ਹੈ। ਲਗਾਤਾਰ ਸ਼ਰੀਫ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਦੂਜੇ ਥਾਵਾਂ ਉਤੇ ਜਾਣ ਲਈ ਮਜ਼ੂਬਰ ਹੋ ਰਹੇ ਹਨ ਕਿਉਂਕਿ ਸਰਕਾਰ ਦਾ ਫੈਸਲਾ ਹੈ ਕਿ ਸਮਾਜ-ਵਿਰੋਧੀ ਅਨਸਰਾਂ ਕੋਲੋਂ ਘਰ ਖਾਲੀ ਨਾ ਕਰਵਾਇਆ ਜਾਵੇ।
ਇਹ ਠੀਕ ਹੈ ਕਿ ਸਰਕਾਰ ਦਾ ਕੰਮ ਹੈ ਕਿ ਸਾਰੇ ਨਿਊਜ਼ੀਲੈਂਡ ਵਾਸੀਆਂ ਲਈ ਇਹ ਯਕੀਨੀ ਬਣਾਵੇ ਕਿ ਉਨ੍ਹਾਂ ਦੇ ਸਿਰ 'ਤੇ ਛੱਤ ਹੋਵੇ ਪਰ ਇਸ ਦੇ ਨਾਲ ਹੀ ਇਹ ਵੀ ਸਰਕਾਰ ਦਾ ਫਰਜ਼ ਹੈ ਕਿ ਇਹ ਵੀ ਯਕੀਨੀ ਬਣਾਵੇ ਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਪਰਿਵਾਰ ਆਪਣੇ ਘਰਾਂ ਦੇ ਵਿਚ ਅਸਮਾਜਿਕ ਵਿਵਹਾਰ ਵਾਲੇ ਗੁਆਂਢੀਆਂ ਦੇ ਡਰ ਤੋਂ ਬਗੈਰ ਵਸਦੇ ਰਹਿਣ ਨਾ ਕਿ ਸਰਕਾਰ ਉਨ੍ਹਾਂ ਕਿਰਾਏਦਾਰਾਂ ਦੀ ਹਿਫਾਜ਼ਤ ਦੇ ਵਿਚ ਲੱਗੀ ਰਹੇ ਜੋ ਕਿ ਅਪਰਾਧਿਕ ਵਿਵਹਾਰ ਦੇ ਵਿਚ ਸ਼ਾਮਿਲ ਹਨ ਅਤੇ ਸਾਰੀਆਂ ਗਲੀਆਂ ਦੇ ਵਿਚ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਇਕ ਘਰ ਪਰਿਵਾਰ ਦੇ ਲਈ ਸੁਰੱਖਿਅਤ ਸਵਰਗ ਵਾਂਗ ਹੋਣਾ ਚਾਹੀਦਾ ਹੈ ਨਾ ਕਿ ਡਰ ਅਤੇ ਧੌਂਸ ਭਰਿਆ ਸਥਾਨ। ਕਾਨੂੰਨ ਦੀ ਪਾਲਣਾ ਪ੍ਰਤੀ ਲਾਪ੍ਰਵਾਹੀ ਸਿਰਫ ਘਰਾਂ ਤੱਕ ਹੀ ਸੀਮਤਿ ਨਹੀਂ ਹੈ। ਸਾਲਾਨਾ 'ਸਾਲਵੇਸ਼ਨ ਆਰਮੀ ਸਟੇਟ ਆਫ ਦਿ ਨੇਸ਼ਨ' ਰਿਪੋਰਟ ਦਰਸਾਉਂਦੀ ਹੈ ਕਿ ਮੌਜੂਦਾ ਸਰਕਾਰ ਜੋ ਬੱਚਿਆਂ ਅਤੇ ਪਰਿਵਾਰਾਂ  ਦੀ ਤੰਦਰੁਸਤੀ ਬਣਾਈ ਰੱਖਣ ਨੂੰ ਪ੍ਰਮੁੱਖ ਪ੍ਰਾਥਮਿਕਤਾ ਦੇਣ ਦਾ ਦਾਅਵਾ ਕਰਦੀ ਹੈ, ਅਸਲ ਵਿਚ ਬੁਰੀ ਤਰ੍ਹਾਂ ਅਸਫ਼ਲ ਹੋਈ ਹੈ।
ਭੱਤਿਆਂ ਉਤੇ ਨਿਰਭਰ ਹੋ ਕੇ ਜੀਵਨ ਜੀਅ ਰਹੇ ਪਰਿਵਾਰਾਂ ਦੇ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ, ਦੇਖਭਾਲ ਅਤੇ ਸੁਰੱਖਿਆ ਸਬੰਧੀ ਸ਼ਿਕਾਇਤੀ ਰਿਪੋਰਟਾਂ ਦੀ ਗਿਣਤੀ ਵੱਧ ਗਈ ਹੈ, ਘਰੇਲੂ ਕਲੇਸ਼, ਬੱਚਿਆਂ ਨਾਲ ਗਾਲੀ-ਗਲੋਚ ਅਤੇ ਉਨ੍ਹਾਂ ਪ੍ਰਤੀ ਅਣਗਹਿਲੀ ਵਧੀ ਹੈ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਪ੍ਰਤੀ ਅਪਰਾਧਿਕ ਮਾਮਲੇ ਜਿੱਥੇ ਹਿੰਸਾ ਹੋਈ ਅਤੇ ਬੱਚੇ ਜ਼ਖਮੀ ਹੋਏ ਹਨ ਉਹ ਵੀ ਵਧੇ ਨੇ। ਨੌਜਵਾਨ ਪੀੜ੍ਹੀ ਪੜ੍ਹਾਈ, ਰੁਜ਼ਗਾਰ ਅਤੇ ਕੰਮ ਦੀ ਸਿੱਖਿਆ (ਟ੍ਰੇਨਿੰਗ) ਤੋਂ ਪਰ੍ਹਾਂ ਹੋ ਰਹੀ ਹੈ। ਜੀਵਨ ਨਿਰਬਾਹ ਕਰਨ ਦੀ ਲਾਗਤ ਘੱਟ ਆਮਦਨੀ ਵਾਲਿਆਂ ਲਈ ਜਿਆਦਾ ਵਧ ਰਹੀ ਹੈ ਅਤੇ 'ਅਰਲੀ ਚਾਇਲਡਹੁੱਡ ਐਜੂਕੇਸ਼ਨ' ਦੇ ਵਿਚ ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਘਟ ਰਹੀ ਹੈ।
ਸਰਕਾਰ ਦਾਅਵਾ ਕਰਦੀ ਹੈ ਕਿ ਸਾਡੇ ਹਰ ਕੰਮ ਦੇ ਵਿਚ ਬੱਚਿਆਂ ਦੀ ਭਲਾਈ ਨੂੰ ਦਿਲ ਦੇ ਨੇੜੇ ਰੱਖਿਆ ਜਾਂਦਾ ਹੈ, ਪਰ ਸੈਲਵੇਸ਼ਨ ਆਰਮੀ ਸਟੇਟ ਆਫ ਦਾ ਨੇਸ਼ਨ ਰਿਪੋਰਟ ਇਸ ਸਭ ਦੀਆਂ ਅੱਖਾਂ ਖੋਲ੍ਹਣ ਵਾਲੀ ਜਾਣਕਾਰੀ ਦਿੰਦੀ ਹੈ। ਮੈਂ ਵਾਰ-ਵਾਰ ਇਸ ਗੱਲ ਨੂੰ ਨਸ਼ਰ ਕੀਤਾ ਹੈ ਕਿ ਇਹ ਸਰਕਾਰ ਸ਼ਬਦੀ ਅਡੰਬਰ ਬਣਾਉਂਦੀ ਹੈ ਜੋ ਕਿ ਅਸਲ ਦੇ ਨਾਲ ਮੇਲ ਨਹੀਂ ਖਾਂਦਾ। ਇਹ ਲੇਬਰ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਘਰਾਂ, ਬੱਚਿਆਂ ਅਤੇ ਲੋੜਵੰਦ ਨਿਊਜ਼ੀਲੈਂਡ ਵਾਸੀਆਂ ਦੀਆਂ ਹੋਰ ਸਮੱਸਿਆਵਾਂ ਉਤੇ ਹਰ ਪੱਖੋਂ ਫੇਲ ਹੋਈ ਹੈ। ਸਰਕਾਰ ਗੱਲਾਂ ਤਾਂ ਇਹ ਕਰਦੀ ਹੈ ਕਿ ਉਹ ਲੋੜਵੰਦਾਂ ਦੀ ਸਹਾਇਤਾ ਅਤੇ ਉਨ੍ਹਾਂ ਦੇ ਜੀਵਨ ਸੁਧਾਰ 'ਚ ਸਹਾਇਤਾ ਕਰ ਰਹੀ ਹੈ ਪਰ ਅਜਿਹਾ ਨਤੀਜਾ ਕਿਤੇ ਨਜ਼ਰ ਨਹੀਂ ਆ ਰਿਹਾ।
ਨੈਸ਼ਨਲ ਪਾਰਟੀ ਸਮਾਜਿਕ ਨਿਵੇਸ਼ ਨੂੰ ਇਕ ਉਦੇਸ਼ ਵਾਂਗ ਰੱਖਦੀ ਸੀ, ਵਿਕਾਸ ਨੂੰ ਮਾਪਿਆ ਅਤੇ ਪਰਖਿਆ ਜਾਂਦਾ ਸੀ, ਜਿਸ ਦਾ ਮਤਲਬ ਸੀ ਕਿ ਸਰਕਾਰ ਸੁਧਾਰਕ ਕੰਮਾਂ ਲਈ ਉਤਰਦਾਈ ਹੈ। ਅਜਿਹੇ ਯਤਨ ਲੋਕਾਂ ਦਾ ਜੀਵਨ ਉਚਾ ਚੁੱਕਦੇ ਸਨ ਕਿਉਂਕਿ ਇਸਦੇ ਨਾਲ ਜੀਵਨ ਸੁਧਰ ਰਿਹਾ ਸੀ, ਜੋ ਕਿ ਸਾਡਾ ਮੁੱਖ ਕਾਰਜ ਸੀ।
ਹੁਣ ਜੋ ਇਸ ਵੇਲੇ ਦੇਸ਼ ਦੀ ਸਰਕਾਰ ਹੈ ਅਜਿਹੇ ਖਿਆਲੀ ਅਰਮਾਨਾ ਬਾਰੇ ਤਾਂ ਗੱਲਾਂ ਕਰਦੀ ਹੈ ਪ੍ਰੰਤੂ ਸਾਹਮਣੇ ਆਏ ਅੰਕੜੇ ਇਹ ਸਾਫ ਕਰਦੇ ਹਨ ਕਿ ਸਿਰਫ ਚੰਗੀ ਨੀਅਤ ਰੱਖਣ ਦੇ ਨਾਲ ਚੰਗੀ ਨੀਤੀ ਨਹੀਂ ਬਣਦੀ ਅਤੇ ਨਾ ਹੀ ਚੰਗੇ ਨਤੀਜੇ ਆਉਂਦੇ ਹਨ।

ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਮੈਨੁਕਾਓ ਈਸਟ। । 

Share this post