Get Updates

ਇਕ ਰਾਸ਼ਟਰ ਦੇ ਅੰਦਰੂਨੀ ਮਾਮਲਿਆਂ ਦਾ ਮੰਤਵ ਰਾਸ਼ਟਰ ਦੀ ਸਮਰੱਥਾ, ਸਥਿਰਤਾ ਅਤੇ ਖੁਸ਼ਹਾਲੀ ਨੂੰ ਮਜ਼ਬੂਤ ਕਰਨਾ ਹੁੰਦਾ ਹੈ। ਇਹ ਗੱਲਾਂ ਇਸ 'ਤੇ ਨਿਰਭਰ ਕਰਦੀਆਂ ਹਨ ਕਿ ਜਨਤਾ ਦੇ ਵਿਚਾਰ ਰਾਸ਼ਟਰਵਾਦ, ਸ਼ਖ਼ਸੀਅਤ ਅਤੇ ਸਭਿਆਚਾਰ ਪੱਖੋਂ ਕਿੰਨੇ ਵਿਕਸਤ ਹਨ। ਨਿਊਜ਼ੀਲੈਂਡਰਾਂ ਲਈ ਅੰਦਰੂਨੀ ਮਾਮਲਿਆਂ ਦਾ ਵਿਭਾਗ ਆਮ ਤੌਰ 'ਤੇ ਪਾਸਪੋਰਟ ਲਈ ਅਰਜ਼ੀ ਜਾਂ ਨਵਜੰਮੇ ਬੱਚੇ ਲਈ ਜਨਮ ਸਰਟੀਫਿਕੇਟ ਲੈਣ ਵਿੱਚ ਮਦਦ ਕਰਦਾ ਹੈ, ਪਰ ਅੰਦਰੂਨੀ ਮਾਮਲਿਆਂ ਦਾ ਕੰਮ ਵੱਖ-ਵੱਖ ਖੇਤਰਾਂ ਵਿੱਚ ਫੈਲਿਆ ਹੈ। 
ਜਿਵੇਂ ਕਿ ਅਸੀਂ ਤੇਜੀ ਨਾਲ ਡਿਜੀਟਾਈਜ਼ੇਸ਼ਨ ਦੇ ਯੁੱਗ ਵਲ ਵਧ ਰਹੇ ਹਾਂ ਅਤੇ ਇੰਟਰਨੈਟ ਸਾਡੇ ਜੀਵਨ ਦਾ ਇੱਕ ਲਾਜਮੀ ਅੰਗ ਬਣ ਗਿਆ ਹੈ, ਅੰਦਰੂਨੀ ਮਾਮਲਿਆਂ ਦਾ ਇੱਕ ਪਹਿਲੂ 'ਰੀਅਲ ਮੀ' (Real Me) ਲਾਜ਼ਮੀ ਤੌਰ 'ਤੇ ਸਾਰੇ ਕੀਵੀ ਨਾਗਰਿਕਾਂ ਦੇ ਸਮੇਂ ਦੀ ਬੱਚਤ ਕਰ ਕੇ ਉਨ੍ਹਾਂ 'ਤੇ ਸਕਾਰਾਤਮਕ ਪ੍ਰਭਾਵ ਪਾ ਰਿਹਾ ਹੈ। 2013 ਵਿੱਚ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੀ ਸਰਕਾਰ ਨੇ 'ਰੀਅਲ ਮੀ' (Real Me) ਨਾਂਅ ਦੀ ਇੱਕ ਡਿਜੀਟਲ ਸੇਵਾ ਦੀ ਸ਼ੁਰੂਆਤ ਕੀਤੀ ਸੀ ਜਿਸਦਾ ਸੰਚਾਲਨ ਅੰਦਰੂਨੀ ਮਾਮਲਿਆਂ ਦਾ ਵਿਭਾਗ ਕਰਦਾ ਹੈ। 'ਰੀਅਲ ਮੀ' ਸ਼ੁਰੂ ਕਰਨ ਪਿੱਛੇ ਸਾਡਾ ਇਰਾਦਾ ਕੀਵੀਆਂ ਅਤੇ ਨਿਊਜ਼ੀਲੈਂਡ ਦੇ ਸੰਗਠਨਾਂ ਦੇ ਜੀਵਨ ਨੂੰ ਹੋਰ ਸੁਖਾਲਾ ਕਰਨਾ ਸੀ। 'ਰੀਅਲ ਮੀ' ਕੀਵੀਆਂ ਲਈ ਆਪਣੀ ਵਾਸਤਵਿਕ ਪਛਾਣ ਦਾ ਸੰਚਾਲਨ ਕਰਨ ਦਾ ਇੱਕ ਸੌਖਾ ਅਤੇ ਸੁਰੱਖਿਅਤ ਤਰੀਕਾ ਹੈ।
ਚੰਗੇ ਪ੍ਰਸ਼ਾਸਨ ਦੇ ਦ੍ਰਿਸ਼ਟੀਕੋਣ ਤੋਂ ਇਹ ਬਿਹਤਰ ਅਤੇ ਵਧੇਰੇ ਕੁਸ਼ਲ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਦਾ ਜ਼ਰੀਆ ਹੈ। 'ਰੀਅਲ ਮੀ' ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਰਾਂਹੀਂ 4.44 ਮਿਲੀਅਨ ਲਾਗ-ਇਨ ਹੋਣ ਦੇ ਨਾਲ-ਨਾਲ 521,121 ਪ੍ਰਮਾਣਤ ਪਛਾਣਾਂ ਅਤੇ 93.9 ਮਿਲੀਅਨ ਟ੍ਰਾਂਸੈਕਸ਼ਨਾਂ ਦੀ ਸਹੂਲੀਅਤ ਮਿਲ ਚੁੱਕੀ ਹੈ। 37 ਸੰਗਠਨਾਂ ਵਲ੍ਹੋਂ 'ਰੀਅਲ ਮੀ' ਦੀ ਵਰਤੋਂ ਕਰਨ ਵਾਲੇ ਕੀਵੀਆਂ ਨੂੰ 129 ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਆਉਣ ਵਾਲੇ ਸਮੇਂ ਵਿੱਚ 'ਰੀਅਲ ਮੀ' ਹੋਰ ਸੰਗਠਨਾਂ ਨਾਲ ਜੁੜਨ ਵੱਲ੍ਹ ਕੰਮ ਕਰਨ ਰਿਹਾ ਹੈ ਤਾਂ ਜੋ ਇਨ੍ਹਾਂ ਕਾਰੋਬਾਰਾਂ ਲਈ ਆਪਣੇ ਗਾਹਕਾਂ ਦੀ ਸਹਿਮਤੀ ਅਤੇ ਸੁਰੱਖਿਅਤ ਢੰਗ ਨਾਲ ਪਛਾਣ ਕਰਨ ਵੇਲੇ ਸਮੇਂ ਅਤੇ ਯਤਨਾਂ ਦੀ ਬਚਤ ਹੋ ਸਕੇ ਅਤੇ ਕੀਵੀਆਂ ਨੂੰ ਜਨਮ, ਸਿੱਖਿਆ, ਸਿਹਤ ਅਤੇ ਰਿਟਾਇਰਮੈਂਟ ਵਰਗੇ ਅਹਿਮ ਮੌਕਿਆਂ ਸਮੇਂ ਕਾਰਵਾਈ ਅਸਾਨ ਹੋ ਸਕੇ। ਨਿਊਜ਼ੀਲੈਂਡ ਨੈਸ਼ਨਲ ਪਾਰਟੀ ਦਾ ਟੀਚਾ ਸਾਡੇ ਭਾਈਚਾਰਿਆਂ ਲਈ ਲੋੜ ਮੁਤਾਬਕ ਅਤੇ ਟੀਚਾ ਪ੍ਰਮੁੱਖ ਸੇਵਾਵਾਂ ਮੁਹੱਈਆ ਕਰਾਉਣ ਸਦਕਾ ਚੰਗੇ ਪ੍ਰਸ਼ਾਸਨ ਲਈ 'ਰੀਅਲ ਮੀ' ਦੀ ਵਰਤੋਂ ਕਰਨਾ ਹੈ। ਵਿਦਿਆਰਥੀਆਂ ਲਈ ਕਰਜ਼ ਦੀ ਅਰਜ਼ੀ ਦੇਣਾ ਜਾਂ ਕਿਸੇ ਦੇ ਸਿਹਤ ਸੰਬੰਧੀ ਰਿਕਾਰਡ ਜਾਂ ਕੀਵੀ-ਸੇਵਾ ਦੀ ਜਾਣਕਾਰੀ ਜਾਂਚਣਾ ਇਨ੍ਹਾਂ ਸੇਵਾਵਾਂ ਵਿੱਚ ਸ਼ਾਮਿਲ ਹੈ ਅਤੇ ਇਹ ਸਭ ਕੁਝ ਸਿਰਫ਼ ਇੱਕ ਵੈੱਬ ਪੋਰਟਲ ਦੁਆਰਾ ਕੀਤਾ ਜਾ ਸਕੇਗਾ।
ਭਾਰਤ ਨੇ ਆਪਣੀ ਡਿਜੀਟਲ ਅਰਥਵਿਵਸਥਾ ਦੇ ਵਿਕਾਸ ਦੇ ਹਿੱਸੇ ਵਜੋਂ ਆਧਾਰ ਨਾਮ ਦੇ ਅਜਿਹੇ ਹੀ ਡਿਜੀਟਲ ਤਜ਼ਰਬੇ ਦੀ ਸ਼ੁਰੂਆਤ ਕੀਤੀ ਸੀ। 'ਰੀਅਲ ਮੀ' ਦੀ ਤਰ੍ਹਾਂ ਹੀ ਆਧਾਰ ਦਾ ਉਦੇਸ਼ ਵੀ ਇੱਕ ਡਿਜੀਟਲ ਪਹਿਚਾਣ ਦੀ ਸਿਰਜਣਾ ਅਤੇ ਸੁਵਿਧਾ ਪ੍ਰਦਾਨ ਕਰਨਾ ਹੈ, ਜੋ ਕਿ ਚੰਗਾ ਪ੍ਰਸ਼ਾਸਨ ਮੁਹੱਈਆ ਕਰਾਉਣ ਵੱਲ੍ਹ ਇਕ ਵੱਡੀ ਪਹਿਲ ਕਦਮੀ ਹੈ । ਮੌਜੂਦਾ ਜਾਣਕਾਰੀ ਮੁਤਾਬਕ 'ਆਧਾਰ' ਸਭ ਤੋਂ ਵੱਡਾ ਬਾਇਓ-ਮੀਟਰਿਕ ਪ੍ਰੋਗਰਾਮ ਹੈ ਜੋ ਭਾਰਤ ਦੇ ਵਸਨੀਕਾਂ ਨੂੰ ਇੱਕ ਖਾਸ ਪਛਾਣ ਦੇ ਕੇ ਸਸ਼ਕਤ ਕਰਨ ਲਈ ਬਣਾਇਆ ਗਿਆ ਹੈ। ਭਾਰਤੀ ਨਾਗਰਿਕ ਇਸ ਡਿਜੀਟਲ ਮੰਚ ਰਾਹੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ 'ਤੇ ਆਪਣੀ ਪਛਾਣ ਨੂੰ ਪਰਮਾਣਿਤ ਕਰ ਸਕਦੇ ਹਨ।
ਵਾਸਤਵਿਕ ਸੇਵਾਵਾਂ ਪ੍ਰਦਾਨ ਕਰਨ ਤੋਂ ਇਲਾਵਾ ਐਥਨਿਕ ਕਮਿਊਨਿਟੀ ਦਫਤਰ (ਸੱਭਿਆਚਾਰਕ ਸਮੁਦਾਇਆਂ ਦਾ ਦਫ਼ਤਰ)  ਅੰਦਰੂਨੀ ਮਾਮਲਿਆਂ ਦਾ ਵੀ ਇੱਕ ਹਿੱਸਾ ਹੈ। ਇਸ ਦਫ਼ਤਰ ਦਾ ਸਮੁੱਚਾ ਉਦੇਸ਼ ਹੈ- “ਸੰਗਠਿਤ ਨਾਗਰਿਕ, ਭਾਈਚਾਰਾ ਅਤੇ ਸਰਕਾਰ।”
ਐਥਨਿਕ ਕਮਿਊਨਿਟੀ ਦਾ ਦਫ਼ਤਰ ਕਾਰੋਬਾਰੀ ਸਮੁਦਾਇਆਂ ਨਾਲ ਰਲ ਕੇ ਆਪਣੇ ਕੰਮ ਰਾਹੀਂ ਵਧੇਰੇ ਲਾਭਕਾਰੀ ਅਤੇ ਪ੍ਰਤੀਯੋਗੀ ਅਰਥਵਿਵਸਥਾ ਦਾ ਨਿਰਮਾਣ ਕਰਨ ਵਿੱਚ ਯੋਗਦਾਨ ਪਾਉਂਦਾ ਹੈ। ਨਾਲ ਹੀ ਇਹ ਕਈ ਚੰਗੀਆਂ ਜਨਤਕ ਸੇਵਾਵਾਂ ਮੁਹੱਈਆ ਕਰਾਉਂਦਾ ਹੈ ਜਿਵੇਂ ਕਿ ਲੈਂਗੂਏਜ (ਭਾਸ਼ਾ) ਲਾਈਨ ਜੋ ਕਈ ਸੰਗਠਨਾਂ ਲਈ ਅਨੁਵਾਦ ਅਤੇ ਵਿਆਖਿਆ ਸੰਬੰਧੀ ਸਹਾਇਤਾ ਕਰਦਾ ਹੈ। ਜਿਸ ਤਰ੍ਹਾਂ ਸੰਸਾਰ ਦੀ ਅਰਥਵਿਵਸਥਾ ਡਿਜੀਟਾਈਜੇਸ਼ਨ ਵੱਲ੍ਹ ਵੱਧ ਰਹੀ ਹੈ, ਲੋੜ ਅਧਾਰਿਤ ਅਤੇ ਟੀਚਾ ਪ੍ਰਮੁੱਖ ਸੇਵਾਵਾਂ ਪ੍ਰਦਾਨ ਕਰਨ ਵਿੱਚ ਅੰਦਰੂਨੀ ਮਾਮਲਿਆਂ ਦੀ ਭੂਮਿਕਾ ਵੀ ਵਧ ਰਹੀ ਹੈ। ਤਕਨੀਕ ਦੀ ਮਦਦ ਨਾਲ ਅਸੀਂ ਇਹ ਸੁਨਿਸ਼ਚਿਤ ਕਰ ਸਕਦੇ ਹਾਂ ਕਿ ਸੇਵਾਵਾਂ ਅਸਾਨੀ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਪ੍ਰਕਿਰਿਆ ਵਿਚ ਵਸੀਲਿਆਂ ਦੀ ਘੱਟੋ ਘੱਟ ਬਰਬਾਦੀ ਹੋ ਰਹੀ ਹੈ। 'ਰੀਅਲ ਮੀ', ਐਥਨਿਕ ਕਮਿਊਨਿਟੀ ਦਾ ਦਫ਼ਤਰ ਅਤੇ ਆਧਾਰ, ਇਹ ਸਭ ਚੰਗੇ ਪ੍ਰਸ਼ਾਸਨ ਵਿੱਚ ਅੰਦਰੂਨੀ ਮਾਮਲਿਆਂ ਦੀ ਭੂਮਿਕਾ ਦੇ ਉਦਾਹਰਣ ਹਨ।
ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਮੈਨੁਕਾਓ ਈਸਟ । 

Share this post