Get Updates

ਨੈਸ਼ਨਲ ਪਾਰਟੀ ਸਰਕਾਰ ਆਵੇਗੀ ਤਾਂ ਪਹਿਲੀ ਮਿਆਦ ਵਿੱਚ ਕੋਈ ਨਵਾਂ ਟੈਕਸ ਲਾਗੂ ਨਹੀਂ ਹੋਵੇਗਾ
ਨੈਸ਼ਨਲ ਪਾਰਟੀ ਨੇਤਾ ਸ੍ਰੀ ਸਾਈਮਨ ਬ੍ਰਿਜਸ ਨੇ ਨਿਊਜੀਲੈਂਡਰਾਂ ਨੂੰ ਇੱਕ ਵਾਅਦਾ ਕੀਤਾ ਹੈ ਕਿ ਜੇ ਨੈਸ਼ਨਲ ਪਾਰਟੀ 2020 ਵਿੱਚ ਸਰਕਾਰ ਚਲਾਉਣ ਦਾ ਅਧਿਕਾਰ ਪ੍ਰਾਪਤ ਕਰਦੀ ਹੈ ਤਾਂ ਸਾਡੀ ਪਹਿਲੀ ਮਿਆਦ ਵਿੱਚ ਕੋਈ ਨਵਾਂ ਟੈਕਸ ਨਹੀਂ ਲਾਗੂ ਹੋਵੇਗਾ। ਨਿਊਜ਼ੀਲੈਂਡ ਵਾਸੀ ਇਕ ਨਿਸ਼ਚਤਤਾ ਚਾਹੁੰਦੇ ਹਨ ਜਦੋਂ ਘਰੇਲੂ ਬੱਜਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੋਵੇ ਪਰ ਸਰਕਾਰ ਨੇ ਜਿਸ ਤਰ੍ਹਾਂ ਪਿਛਲੇ ਸਾਲ ਤੋਂ ਆਪਣੇ ਬਜਟ ਦਾ ਪ੍ਰਬੰਧਨ ਕੀਤਾ ਹੈ, ਉਸ ਦਾ ਨਿਊਜ਼ੀਲੈਂਡ ਪਰਿਵਾਰਾਂ ਉੱਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ।
ਲੇਬਰ ਦੀ ਅਗਵਾਈ ਵਾਲੀ ਸਰਕਾਰ ਸਮੇਂ  ਵੇਖਿਆ ਜਾਵੇ ਤਾਂ ਨੈਸ਼ਨਲ ਪਾਰਟੀ ਦੇ ਕਾਰਜ-ਕਾਲ ਦੇ ਮੁਕਾਬਲੇ ਘਰਾਂ ਦੇ ਕਿਰਾਏ ਢਾਈ ਗੁਣਾ ਤੇਜ ਗਤੀ ਨਾਲ ਵਧੇ ਹਨ। ਕਿਰਾਇਆਂ ਵਿੱਚ ਵਾਧਾ 30 ਡਾਲਰ ਪ੍ਰਤੀ ਹਫ਼ਤਾ ਹੈ, ਜੋ ਕਿ 1560 ਡਾਲਰ ਸਾਲਾਨਾ ਬਣਦਾ ਹੈ। ਪੈਟਰੋਲ 'ਤੇ ਕਈ ਟੈਕਸ ਲਗਾਏ ਗਏ ਹਨ। ਇੱਕ ਸਧਾਰਣ ਕਾਰ ਵਿੱਚ ਪੂਰਾ ਪੈਟਰੋਲ ਭਰਨ ਲਈ ਪਿਛਲੇ ਸਾਲ ਨਾਲੋਂ ਹੁਣ 15 ਡਾਲਰ ਵੱਧ ਖਰਚ ਹੁੰਦੇ ਹਨ। ਇਹ ਸਭ ਘਰੇਲੂ ਖਰਚਿਆਂ ਨੂੰ ਵਧਾ ਰਿਹਾ ਹੈ ਅਤੇ ਇਸ ਮਹਿੰਗਾਈ ਦਾ ਸੇਕ ਆਮ ਪਰਿਵਾਰ ਮਹਿਸੂਸ ਕਰ ਰਹੇ ਹਨ। ਪੈਟਰੋਲ ਦੇ ਦਾਮ ਵਧਣ ਦਾ ਮਤਲਬ ਹੈ ਕਿ ਕਰਿਆਨੇ ਦਾ ਸਮਾਨ ਵੀ ਮਹਿੰਗਾ ਹੋਵੇਗਾ। ਗਰਮੀਆਂ ਦੀਆਂ ਛੁੱਟੀਆਂ ਆ ਰਹੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਕੀਵੀ ਆਪਣੀ ਗੱਡੀ ਦਾ ਟੈਂਕ ਪੂਰਾ ਭਰਾ ਸਕਣ, ਰੋਡ ਟ੍ਰਿੱਪ 'ਤੇ ਜਾ ਸਕਣ ਅਤੇ ਕੀਮਤਾਂ ਦੀ ਫਿਕਰ ਕੀਤੇ ਬਿਨਾਂ ਬਾਰਬੀਕਿਊ ਲਈ ਸਾਰਾ ਸਮਾਨ ਖਰੀਦ ਸਕਣ। ਪਰ ਇਹ ਸਭ ਫਿਲਹਾਲ ਥੋੜ੍ਹਾ ਮੁਸ਼ਕਿਲ ਹੈ। ਕੋਈ ਵੀ ਸਰਕਾਰ ਦੇ ਚੰਗੇ ਇਰਾਦਿਆਂ 'ਤੇ ਸ਼ੱਕ ਨਹੀਂ ਕਰ ਰਿਹਾ, ਪਰ ਇਨ੍ਹਾਂ ਚੰਗੇ ਇਰਾਦਿਅÎ ਦੇ ਨਤੀਜੇ ਚੰਗੇ ਆਉਣ ਨਾਲੋਂ ਮਾੜੇ ਜਿਆਦਾ ਆ ਰਹੇ ਹਨ। ਮੌਜੂਦਾ ਸਰਕਾਰ ਚੰਗੇ ਨਤੀਜਿਆਂ ਨਾਲੋਂ ਚੰਗੇ ਇਰਾਦਿਆਂ ਨੂੰ ਤਰਜੀਹ ਦੇ ਰਹੀ ਹੈ।
ਤੇਲ ਅਤੇ ਗੈਸ ਖੋਜ (ਮਾਇਨਿੰਗ) 'ਤੇ ਰੋਕ ਸੁਨਣ ਵਿੱਚ ਚੰਗੀ ਲਗਦੀ ਹੈ। ਇਸਦਾ ਉਦੇਸ਼ ਹਾਨੀਕਾਰਕ ਵਾਯੂ ਦਾ ਵਾਤਾਵਰਣ ਦੇ ਵਿੱਚ ਨਿਕਾਸ ਰੋਕਣਾ ਹੈ।  ਇਹ ਇੱਕ ਚੰਗਾ ਮਨੋਰਥ ਹੈ ਪਰ ਹੁਣ ਸਾਨੂੰ ਪਤਾ ਹੈ ਕਿ ਇਸ ਨਾਲ ਇਹ ਮਨੋਰਥ ਸਿੱਧ ਨਹੀਂ ਹੋਵੇਗਾ, ਅਸਲ ਵਿੱਚ ਵਿਸ਼ਵ ਪੱਧਰ 'ਤੇ ਹਾਨੀਕਾਰਕ ਪਦਾਰਥਾਂ ਦੇ ਨਿਕਾਸ ਵਿੱਚ ਵਾਧਾ ਹੋ ਰਿਹਾ ਹੈ। ਇਸਤੋਂ ਇਲਾਵਾ ਇਸਦੇ ਸਿੱਟੇ ਵਜੋਂ ਨਿਊਜ਼ੀਲੈਂਡਰਾਂ ਲਈ ਘੱਟ ਊਰਜਾ ਸੁਰੱਖਿਆ, ਬਿਜਲੀ ਦੀਆਂ ਉੱਚੀਆਂ ਕੀਮਤਾਂ, ਘੱਟ ਨੌਕਰੀਆਂ ਅਤੇ ਘੱਟ ਆਮਦਨੀ ਹੋਵੇਗੀ। ਸਾਨੂੰ ਆਪ ਉਤਪਾਦ ਕਰਨ ਦੀ ਥਾਂ ਦੂਜੇ ਦੇਸ਼ਾਂ ਤੋਂ ਕੋਲੇ ਅਤੇ ਗੈਸ ਦਾ ਆਯਾਤ ਕਰਵਾਉਣਾ ਪਵੇਗਾ, ਜੋ ਕਿ ਅਨਾੜੀਪਨ ਹੈ। ਚੰਗੇ ਇਰਾਦੇ ਹਨ ਪਰ ਬਹੁਤ ਮਾੜੇ ਨਤੀਜੇ ਦੇਣਗੇ। ਸਰਕਾਰ ਜਿੰਨੇ ਵੀ ਬਦਲਾਅ ਰੈਂਟਲ ਮਾਰਕੀਟ ਵਿੱਚ ਕਰ ਰਹੀ ਹੈ ਉਸ ਨਾਲ ਸੰਭਾਵੀ ਤੌਰ 'ਤੇ ਮਾਰਕੀਟ ਕਿਰਾਏਦਾਰਾਂ ਵਾਸਤੇ ਬਿਹਤਰ ਹੋਣੀ ਚਾਹੀਦੀ ਹੈ। ਪਰ ਬਦਕਿਸਮਤੀ ਨਾਲ ਇਸਦਾ ਉਲਟ ਅਸਰ ਹੋ ਰਿਹਾ ਹੈ। ਫਿਰ ਚੰਗੇ ਇਰਾਦੇ ਪਰ ਮਾੜੇ ਨਤੀਜੇ ਦੀ ਝਲਕ। ਇੱਕ ਹੋਰ ਉਦਾਹਰਣ ਹੈ ਔਕਲੈਂਡ ਸੀ. ਬੀ. ਡੀ. ਤੋਂ ਹਵਾਈ ਅੱਡੇ ਤੱਕ ਮਹਿੰਗੀ ਟਰੈਮ ਬਣਾਈ ਜਾ ਰਹੀ ਹੈ,  ਇਸ ਨਾਲ ਚਾਹੇ ਉਨ੍ਹਾਂ ਦਾ ਇੱਕ ਚੋਣ ਵਾਅਦਾ ਪੂਰਾ ਹੋ ਰਿਹਾ ਹੋਵੇ ਪਰ ਇਸਦਾ ਮਤਲਬ ਹੈ ਬਿਲੀਅਨ ਡਾਲਰਾਂ ਦਾ ਵਾਧੂ ਖਰਚਾ ਜੋ ਕਿ ਉੱਚੇ ਟੈਕਸ ਲਾ ਕੇ ਪੂਰਾ ਕੀਤਾ ਜਾਵੇਗਾ। ਪੈਟਰੋਲ ਪੰਪਾਂ 'ਤੇ ਪਿਛਲੇ ਸਾਲ ਨਾਲੋਂ ਵੱਧ ਖਰਚਾ ਹੋਣ ਦਾ ਇੱਕ ਕਾਰਨ ਇਹ ਵੀ ਹੈ। ਫਿਰ ਚੰਗੇ ਇਰਾਦੇ ਪਰ ਮਾੜੇ ਨਤੀਜਿਆਂ ਦੀ ਝਲਕ ਬਰਕਰਾਰ। ਇਹ ਸਰਕਾਰ ਸ਼ਬਦਬਾਨ (ਅਲੰਕਾਰਾਂ) ਦੀ ਬਹੁਤ ਪਰਵਾਹ ਕਰਦੀ ਹੈ ਪਰ ਅਸੀਂ (ਨੈਸ਼ਨਲ ਪਾਰਟੀ ਸਾਂਸਦ) ਨਤੀਜਿਆਂ ਦੀ ਪਰਵਾਹ ਕਰਦੇ ਹਾਂ।
ਲੇਬਰ ਸਰਕਾਰ ਨੇ ਕਿਹਾ ਸੀ ਕਿ ਉਹ ਆਪਣੀ ਪਹਿਲੀ ਮਿਆਦ ਵਿੱਚ ਕੋਈ ਨਵਾਂ ਟੈਕਸ ਲਾਗੂ ਨਹੀਂ ਕਰੇਗੀ। ਫਿਰ ਅਸੀਂ ਔਕਲੈਂਡ ਵਿੱਚ ਖੇਤਰੀ ਤੇਲ ਟੈਕਸ, ਤਿੰਨ ਵਾਰ ਰਾਸ਼ਟਰੀ ਪੱਧਰ 'ਤੇ ਪੈਟਰੋਲ ਟੈਕਸਾਂ ਵਿੱਚ ਵਾਧਾ, ਬ੍ਰਾਈਟ ਲਾਈਨ ਟੈਕਸ ਦਾ ਫੈਲਾਅ, ਰਿੰਗ ਫੈਂਸਿਂਗ ਵਿੱਚ ਘਾਟਾ ਅਤੇ ਐਮਾਜ਼ਨ ਟੈਕਸ (ਆਨ ਲਾਈਨ ਟੈਕਸ) ਲਾਗੂ ਹੁੰਦੇ ਦੇਖੇ ਹਨ। ਜਦੋਂ ਅਸੀਂ ਕਹਿੰਦੇ ਹਾਂ ਕਿ ਕੋਈ ਨਵੇਂ ਟੈਕਸ ਨਹੀਂ ਲਾਗੂ ਹੋਣਗੇ, ਅਸੀਂ ਅਸਲ ਵਿੱਚ ਇਸ 'ਤੇ ਅਮਲ ਕਰਾਂਗੇ।
ਅਸੀਂ ਕੈਪੀਟਲ ਗੇਨ ਟੈਕਸ ਰੱਦ ਕਰਨ ਲਈ ਵੀ ਵਚਨਬੱਧ ਹਾਂ। ਮਾਈਕਲ ਕਲਿਨ ਦੇ ਟੈਕਸ ਵਰਕਿੰਗ ਗਰੁੱਪ ਨੇ ਐਲਾਨਿਆ ਹੈ ਕਿ ਉਹ ਕੈਪੀਟਲ ਗੇਨ ਟੈਕਸ ਲਈ ਦੋ ਵਿਕਲਪ ਬਣਾ ਰਹੇ ਹਨ। ਪਰ ਉਹ ਇਹ ਮੰਨਦੇ ਹਨ ਕਿ ਇਸ ਨਾਲ ਹਾਊਸਿੰਗ ਮਾਰਕੀਟ ਠੀਕ ਨਹੀਂ ਹੋਵੇਗੀ, ਸਗੋਂ ਇਸ ਨਾਲ ਉਨ੍ਹਾਂ ਲੋਕਾਂ ਲਈ ਕਿਰਾਇਆ ਹੋਰ ਵਧ ਜਾਵੇਗਾ ਜੋ ਪਹਿਲਾਂ ਤੋਂ ਹੀ ਇਸਦਾ ਭੁਗਤਾਨ ਮੁਸ਼ਕਿਲ ਨਾਲ ਕਰਦੇ ਹਨ।
ਕੈਪੀਟਲ ਗੇਨ ਟੈਕਸ ਛੋਟੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ 'ਤੇ ਲਾਗੂ ਹੁੰਦਾ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੇ ਕਰ ਅਦਾ ਕਰਕੇ ਤੇ ਲੋਕਾਂ ਨੂੰ ਰੋਜ਼ਗਾਰ ਦੇ ਕੇ ਸਖ਼ਤ ਮਿਹਨਤ ਨਾਲ ਆਪਣੇ ਕਾਰੋਬਾਰ ਦੀ ਕੀਮਤ ਵਧਾਈ ਹੈ, ਪਰ ਹੁਣ ਜਦੋਂ ਇਹ ਲੋਕ ਰਿਟਾਇਰਮੈਂਟ ਲਈ ਆਪਣਾ ਕਾਰੋਬਾਰ ਵੇਚਣਗੇ ਤਾਂ ਉਨ੍ਹਾਂ ਨੂੰ ਹੋਰ ਵੀ ਟੈਕਸ ਭਰਨਾ ਪਵੇਗਾ। ਇਹ ਸਰਕਾਰ ਦਾਅਵਾ ਕਰਦੀ ਹੈ ਕਿ ਉਹ ਸੁਹਿਰਦ ਹੈ, ਪਰ ਇਹ ਨੀਤੀਆਂ ਕੀਵੀ ਪਰਿਵਾਰਾਂ ਨੂੰ ਠੇਸ ਪਹੁੰਚਾ ਰਹੀਆਂ ਹਨ।  ਕ੍ਰਿਸਮਸ ਨੇੜੇ ਆ ਰਹੀ ਹੈ ਅਤੇ ਕੀਵੀਆਂ ਲਈ ਇਹ ਠੀਕ ਨਹੀਂ ਹੈ।

ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਮੈਨੁਕਾਓ ਈਸਟ

Share this post