Get Updates

ਜਿਵੇਂ ਕਿ ਕੀਵੀ ਪੈਟਰੋਲ ਪੰਪਾਂ 'ਤੇ ਉੱਚੀਆਂ ਤੇਲ ਕੀਮਤਾਂ ਦਾ ਭੁਗਤਾਨ ਕਰ ਰਹੇ ਹਨ, ਸਰਕਾਰ ਦੇ ਨਵੇਂ ਤੇਲ ਟੈਕਸ ਸਖ਼ਤ ਮਿਹਨਤ ਕਰਨ ਵਾਲੇ ਕੀਵੀਆਂਂ 'ਤੇ ਭਾਰੀ ਆਰਥਿਕ ਬੋਝ ਪਾ ਰਹੇ ਹਨ। ਨੈਸ਼ਨਲ ਪਾਰਟੀ ਦਾ ਮੰਨਣਾ ਹੈ ਕਿ ਨਿਊਜ਼ੀਲੈਂਡਰਾਂ ਵਿੱਚ ਆਪਣੀ ਕਮਾਈ ਦਾ ਵਧੇਰੇ ਹਿੱਸਾ ਆਪਣੇ ਕੋਲ ਰੱਖਣ ਵਿਚ ਸਮਰੱਥਾ ਹੋਣੀ ਚਾਹੀਦੀ ਹੈ। ਅਸੀਂ ਵਿਸ਼ਵਾਸ਼ ਰੱਖਦੇ ਹਾਂ ਕਿ ਸਰਕਾਰ ਨੂੰ ਨਿਊਜ਼ੀਲੈਂਡਰਾਂ ਦੇ ਅੱਗੇ ਵਧਣ ਵਿੱਚ ਮਦਦ ਕਰਨ ਲਈ ਰਹਿਣ-ਸਹਿਣ ਦੀਆਂ ਕੀਮਤਾਂ ਘਟਾਉਣੀਆਂ ਚਾਹਿਦੀਆਂ ਹਨ ਪਰ ਲੇਬਰ ਸਰਕਾਰ ਇਸਦੇ ਉਲਟ ਕਰ ਰਹੀ ਹੈ।
ਇਸ ਕਰਕੇ ਅਸੀਂ ਸਰਕਾਰ ਨੂੰ ਨਵੇਂ ਤੇਲ ਟੈਕਸਾਂ ਵਿੱਚ ਕਟੌਤੀ ਕਰਨ ਲਈ ਵੰਗਾਰ ਰਹੇ ਹਾਂ ਅਤੇ ਅਸੀਂ ਅਜਿਹਾ ਕਰਨ ਵਿੱਚ ਨਿਊਜ਼ੀਲੈਂਡਰਾਂ ਦੀ ਸਹਾਇਤਾ ਕਰਨ ਲਈ ਇੱਕ ਪਟੀਸ਼ਨ ਸ਼ੁਰੂ ਕੀਤੀ ਹੈ। ਨਿਊਜ਼ੀਲੈਂਡ ਵਿੱਚ ਇੱਕ ਮੱਧਵਰਗੀ ਪਰਿਵਾਰ ਇਸ ਸਮੇਂ ਪੈਟਰੋਲ ਲਈ ਪਿਛਲੇ ਸਾਲ ਨਾਲੋਂ 200 ਡਾਲਰ ਪ੍ਰਤੀ ਸਾਲ ਵੱਧ ਟੈਕਸ ਅਦਾ ਕਰ ਰਿਹਾ ਹੈ। ਔਕਲੈਂਡ ਵਿੱਚ ਇਹ ਅੰਕੜੇ 324 ਡਾਲਰ ਹਨ। ਪੈਟਰੋਲ ਦੀਆਂ ਰਿਕਾਰਡ ਪੱਧਰ ਦੀਆਂ ਉੱਚੀਆਂ ਕੀਮਤਾਂ ਦੇ ਉੱਪਰ ਲਗਾਏ ਜਾ ਰਹੇ ਨਵੇਂ ਤੇਲ ਟੈਕਸ ਇਸਦਾ ਵੱਡਾ ਕਾਰਨ ਹਨ। ਚੋਣਾਂ ਤੋਂ ਹੁਣ ਤੱਕ ਪੈਟਰੋਲ ਦੀਆਂ ਕੀਮਤਾਂ ਵਿਚ ਔਸਤਨ 42 ਸੈਂਟ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਅਤੇ ਅੱਗੇ ਵੀ ਕੀਮਤਾਂ ਵਿੱਚ ਸਿਰਫ ਵਾਧਾ ਹੀ ਹੋਵੇਗਾ ਕਿਉਂਕਿ ਈਂਧਨ ਦੇ ਭਾਅ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਸਰਕਾਰ ਵੀ ਹੋਰ ਨਵੇਂ ਟੈਕਸ ਲਗਾਉਣ ਲਈ ਤਿਆਰ ਹੈ।
ਅਗਲੇ ਦੋ ਸਾਲਾਂ ਵਿੱਚ ਦੋ ਹੋਰ ਆਬਕਾਰੀ (ਐਕਸਾਇਜ਼) ਟੈਕਸਾਂ ਦੀ ਯੋਜਨਾਬੰਦੀ ਕੀਤੀ ਗਈ ਹੈ। ਸਮੁੱਚੇ ਨਿਊਜ਼ੀਲੈਂਡ ਦੀਆਂ ਕੌਂਸਲਾਂ ਪਹਿਲਾਂ ਹੀ ਔਕਲੈਂਡ ਦੇ ਖੇਤਰੀ ਫਿਊਲ ਟੈਕਸ ਨੂੰ ਦੇਸ਼ ਭਰ ਵਿੱਚ ਲਾਗੂ ਕਰਾਉਣ ਦੀ ਮੰਗ ਕਰ ਰਹੀਆਂ ਹਨ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਹਿਣ ਦੀ ਸੰਭਾਵਨਾ ਹੈ, ਹਾਲਾਂਕਿ ਸਰਕਾਰ ਦਾ ਦੁਨੀਆ ਭਰ ਦੀਆਂ ਤੇਲ ਕੀਮਤਾਂ 'ਤੇ ਕੋਈ ਵਸ ਨਹੀਂ ਹੈ, ਪਰ ਇਹ ਆਪਣੇ ਟੈਕਸਾਂ ਨੂੰ ਨਿਯੰਤਰਣ ਵਿਚ ਕਰ ਸਕਦੀ ਹੈ। ਇਹ ਪਹਿਲਾਂ ਹੀ ਪੈਟਰੋਲ 'ਤੇ ਕਾਫੀ ਟੈਕਸ ਵਸੂਲ ਰਹੀ ਹੈ। ਜਿੰਨੀ ਬਾਰ ਵੀ ਤੁਸੀਂ ਇਕ ਡਾਲਰ ਦਾ ਤੇਲ ਆਪਣੇ ਵਾਹਨ 'ਚ ਪਵਾਉਂਦੇ ਹੋ, 53 ਸੈਂਟ ਤੁਹਾਡੇ ਬਟੂਏ ਚੋਂ ਸਿੱਧਾ ਸਰਕਾਰ ਦੀ ਪਿਛਲੀ ਜੇਬ ਵਿੱਚ ਜਾ ਰਿਹਾ ਹੈ।
ਸਰਕਾਰ ਕੋਲ ਜਿਆਦਾ ਧਨ ਇਸ ਕਰਕੇ ਹੈ ਕਿਉਂਕਿ ਨਿਊਜ਼ੀਲੈਂਡਰਾਂ ਕੋਲ ਧਨ ਘੱਟ ਰਿਹਾ ਹੈ। ਟੈਕਸਾਂ ਵਿੱਚ ਕਟੌਤੀ ਕਰ ਕੇ ਨਿਊਜ਼ੀਲੈਂਡਰਾਂ ਨੂੰ ਫੌਰਨ ਰਾਹਤ ਮਿਲਣੀ ਚਾਹੀਦੀ ਹੈ। ਉੱਪ-ਪ੍ਰਧਾਨ ਮੰਤਰੀ ਨੇ ਤੇਲ ਟੈਕਸਾਂ ਦਾ ਇਹ ਕਹਿ ਕੇ ਸਮਰਥਨ ਕਰਨ ਦੀ ਕੋਸ਼ਿਸ਼ ਕੀਤੀ ਕਿ ਮੋਟਰ-ਚਾਲਕਾਂ ਵਲੋਂ ਤੇਲ ਟੈਕਸਾਂ ਦੇ ਰੂਪ ਵਿੱਚ ਅਦਾ ਕੀਤੇ ਜਾ ਰਹੇ ਸੈਂਕੜੇ ਮਿਲੀਅਨ ਡਾਲਰਾਂ ਦਾ ਸੌ ਫੀਸਦੀ ਹਿੱਸਾ ਸੜਕਾਂ ਦੇ ਬੁਨਿਆਦੀ ਢਾਂਚੇ ਅਤੇ ਇਨ੍ਹਾਂ ਦੇ ਰੱਖ-ਰਖਾਵ ਵਿੱਚ ਲੱਗ ਰਿਹਾ ਹੈ। ਪਰ ਇਹ ਬਿਲਕੁਲ ਸਹੀ ਨਹੀਂ ਹੈ।
ਇਸਦੀ ਥਾਂ ਸਰਕਾਰ ਨੇ ਸਟੇਟ ਹਾਈਵੇ ਦੇ ਫੰਡਾਂ ਵਿੱਚੋਂ 5 ਬਿਲੀਅਨ ਡਾਲਰ ਦੀ ਕਟੌਤੀ ਕੀਤੀ ਹੈ ਅਤੇ ਉਹ ਰਕਮ ਔਕਲੈਂਡ ਵਿੱਚ ਟਰਾਮ ਸੈੱਟ ਲਗਾਉਣ ਲਈ ਰੱਖੇ ਹਨ। ਆਮ ਸਖ਼ਤ ਮਿਹਨਤ ਕਰਨ ਵਾਲੇ ਕੀਵੀ ਪਰਿਵਾਰਾਂ ਨੂੰ ਲਗਦਾ ਹੁਣ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਉਹ ਸਕੂਲ ਜਾਂ ਸੁਪਰ ਮਾਰਕੀਟ ਕਿਵੇਂ ਜਾਣਗੇ ਕਿਉਂਕਿ ਇਹ ਸਰਕਾਰ ਇਨ੍ਹਾਂ ਕੀਮਤਾਂ ਰਾਹੀਂ ਉਨ੍ਹਾਂ ਨੂੰ ਕਾਰਾਂ ਤੋਂ ਹੀਣੇ ਕਰ ਰਹੀ ਹੈ। ਸਰਕਾਰ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਨਿਊਜ਼ੀਲੈਂਡ ਪਰਿਵਾਰਾਂ ਦੇ ਖਰਚਿਆਂ ਦਾ ਬੋਝ ਹੋਰ ਨਹੀਂ ਵਧਾ ਸਕਦੀ। ਇਸ ਨਾਲ ਰਹਿਣ-ਸਹਿਣ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਕੀਵੀਆਂ ਲਈ ਅੱਗੇ ਵਧਣਾ ਹੋਰ ਮੁਸ਼ਕਲ ਹੋ ਰਿਹਾ ਹੈ। ਸਾਡੀ ਪਟੀਸ਼ਨ ਸਰਕਾਰ ਨੂੰ ਕੀਵੀ ਪਰਿਵਾਰਾਂ ਦੇ ਬੋਝ ਨੂੰ ਸਮਝਣ ਅਤੇ ਇਸ ਬਾਰੇ ਕੁਝ ਕਰਨ ਲਈ ਅਪੀਲ ਕਰਦੀ ਹੈ। ਸਰਕਾਰ ਨੂੰ ਆਪਣੇ ਨਵੇਂ ਟੈਕਸ ਰੱਦ ਕਰਨੇ ਚਾਹੀਦੇ ਹਨ।
ਨੈਸ਼ਨਲ ਪਾਰਟੀ ਸਰਕਾਰ ਦੀਅੰ ਕਾਰਗੁਜਾਰੀਆਂ ਨੂੰ ਧਿਆਨ ਵਿੱਚ ਰੱਖਣ ਅਤੇ ਇਹ ਯਕੀਨੀ ਬਨਾਉਣ ਵਿੱਚ ਵਚਨਬੱਧ ਹੈ ਕਿ ਨਿਊਜ਼ੀਲੈਂਡ ਵਾਲੇ ਆਪਣੀ ਕਮਾਈ ਦਾ ਵੱਧ ਤੋਂ ਵੱਧ ਹਿੱਸਾ ਆਪਣੇ ਕੋਲ ਰੱਖ ਸਕਣ ਤਾ ਜੋ ਉਨ੍ਹਾਂ ਦੇ ਅੱਗੇ ਵਧਣ ਵਿੱਚ ਮਦਦ ਹੋ ਸਕੇ। ਪੈਟਰੋਲ ਪੰਪਾਂ 'ਤੇ ਕੀਵੀਆਂ ਵਲ੍ਹੋਂ ਸਹਿਣ ਕੀਤੇ ਜਾਣ ਵਾਲੇ ਭਾਰੀ ਆਰਥਿਕ ਬੋਝ ਨੂੰ ਘੱਟ ਕਰਨ ਵਾਸਤੇ ਸਰਕਾਰ ਨੂੰ ਅਪੀਲ ਕਰਨ ਲਈ ਸਾਡੀ ਇਸ ਪਟੀਸ਼ਨ ਤੇ ਹਸਤਾਖ਼ਰ ਕਰੋ।
hhttps://www.national.org.nz/axe_the_tax/


ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਮੈਨੁਕਾਓ ਈਸਟ। ।  

Share this post